ਅੱਜ ਦੀਆਂ ਵੱਡੀਆਂ ਖ਼ਬਰਾਂ | Punjabi Bharat News Portal
Food
11 ਘੰਟੇ ਪਹਿਲਾਂ

ਘਰ ਵਿੱਚ ਬਣਾਓ ਮਸ਼ਹੂਰ ਅੰਮ੍ਰਿਤਸਰੀ ਕੁਲਚਾ: ਜਾਣੋ ਆਸਾਨ ਰੈਸਿਪੀ

ਘਰ ਵਿੱਚ ਬਣਾਓ ਮਸ਼ਹੂਰ ਅੰਮ੍ਰਿਤਸਰੀ ਕੁਲਚਾ: ਜਾਣੋ ਆਸਾਨ ਰੈਸਿਪੀ
ਪੰਜਾਬੀ ਖਾਣੇ ਦਾ ਜ਼ਿਕਰ ਹੋਵੇ ਅਤੇ ਅੰਮ੍ਰਿਤਸਰੀ ਕੁਲਚੇ ਦਾ ਨਾਮ ਨਾ ਆਵੇ, ਇਹ ਹੋ ਹੀ ਨਹੀਂ ਸਕਦਾ। ਆਪਣੇ ਖਾਸ ਮਸਾਲਿਆਂ, ਕ੍ਰਿਸਪੀ ਟੈਕਸਚਰ ਅਤੇ ਸ਼ਾਨਦਾਰ ਸਵਾਦ ਲਈ ਅੰਮ੍ਰਿਤਸਰੀ ਆਲੂ ਕੁਲਚਾ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੈ। ਜੇਕਰ ਤੁਸੀਂ ਵੀ ਬਾਜ਼ਾਰ ਵਰਗਾ ਕ੍ਰਿਸਪੀ ਅਤੇ ਸਵਾਦੀ ਕੁਲਚਾ ਆਪਣੇ ਘਰ ਵਿੱਚ ਹੀ ਬਣਾਉਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਡੇ ਲਈ ਬਿਨਾਂ ਤੰਦੂਰ ਦੇ, ਸਾਧਾਰਨ ਤਵੇ ਤੇ ਕੁਲਚਾ ਬਣਾਉਣ ਦੀ ਬਹੁਤ ਹੀ ਆਸਾਨ ਰੈਸਿਪੀ ਲੈ ਕੇ ਆਏ ਹਾਂ। ਕੁਲਚਾ ਬਣਾਉਣ ਲਈ ਸਭ ਤੋਂ ਪਹਿਲਾਂ ਮੈਦੇ ਵਿੱਚ ਥੋੜ੍ਹਾ ਜਿਹਾ ਦਹੀ, ਬੇਕਿੰਗ ਪਾਊਡਰ, ਨਮਕ, ਘਿਓ ਅਤੇ ਪਾਣੀ ਮਿਲਾ ਕੇ ਇੱਕ ਨਰਮ ਆਟਾ ਗੁੰਨ੍ਹ ਲਵੋ। ਆਟੇ ਨੂੰ 1-2 ਘੰਟੇ ਲਈ ਢੱਕ ਕੇ ਰੱਖੋ ਤਾਂ ਜੋ ਇਹ ਚੰਗੀ ਤਰ੍ਹਾਂ ਫੁੱਲ ਜਾਵੇ। ਸਟਫਿੰਗ ਤਿਆਰ ਕਰਨ ਲਈ ਉਬਲੇ ਹੋਏ ਆਲੂਆਂ ਵਿੱਚ ਬਾਰੀਕ ਕੱਟਿਆ ਪਿਆਜ਼, ਹਰੀ ਮਿਰਚ, ਅਦਰਕ, ਹਰਾ ਧਨੀਆ, ਅਨਾਰਦਾਣਾ ਪਾਊਡਰ, ਕਸੂਰੀ ਮੇਥੀ, ਗਰਮ ਮਸਾਲਾ ਅਤੇ ਸਾਬਤ ਧਨੀਆ ਕੁੱਟ ਕੇ ਮਿਲਾਓ। ਇਹ ਮਸਾਲਾ ਹੀ ਕੁਲਚੇ ਨੂੰ ਅੰਮ੍ਰਿਤਸਰੀ ਸਵਾਦ ਦਿੰਦਾ ਹੈ। ਹੁਣ ਆਟੇ ਦੀਆਂ ਪੇੜੀਆਂ ਬਣਾ ਕੇ ਉਸ ਵਿੱਚ ਆਲੂ ਦੀ ਸਟਫਿੰਗ ਭਰੋ ਅਤੇ ਪਰਤਾਂ (Layers) ਬਣਾਉਣ ਲਈ ਘਿਓ ਲਗਾ ਕੇ ਹਲਕੇ ਹੱਥਾਂ ਨਾਲ ਵੇਲ ਲਵੋ। ਵੇਲੇ ਹੋਏ ਕੁਲਚੇ ਦੇ ਇੱਕ ਪਾਸੇ ਥੋੜ੍ਹਾ ਜਿਹਾ ਪਾਣੀ ਲਗਾ ਕੇ ਤਵੇ ਤੇ ਚਿਪਕਾ ਦਿਓ। ਜਦੋਂ ਇੱਕ ਪਾਸਾ ਪੱਕ ਜਾਵੇ ਤਾਂ ਤਵੇ ਨੂੰ ਉਲਟਾ ਕੇ ਗੈਸ ਦੀ ਸਿੱਧੀ ਲਾਟ ਤੇ ਕੁਲਚੇ ਨੂੰ ਗੋਲਡਨ ਬ੍ਰਾਊਨ ਹੋਣ ਤੱਕ ਸੇਕੋ। ਪੱਕਣ ਤੋਂ ਬਾਅਦ ਉੱਪਰ ਭਰਪੂਰ ਮੱਖਣ ਲਗਾਓ ਅਤੇ ਮਸਾਲੇਦਾਰ ਛੋਲੇ ਤੇ ਇਮਲੀ ਦੀ ਖੱਟੀ-ਮਿੱਠੀ ਪਿਆਜ਼ ਵਾਲੀ ਚਟਨੀ ਨਾਲ ਗਰਮਾ-ਗਰਮ ਪਰੋਸੋ।